16/10/2024
16 ਅਕਤੂਬਰ 1814 ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਦੀਵਾਨ ਮੋਹਕਮ ਚੰਦ ਦਾ ਦਿਹਾਂਤ ਹੋ ਗਿਆ:
ਗੁਰਦੀਪ ਸਿੰਘ ਜਗਬੀਰ ( ਡਾ.)
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਦੀਵਾਨ ਮੋਹਕਮ ਚੰਦ ਦਾ ਨਾਂ ਉਨ੍ਹਾਂ ਦਰਬਾਰੀਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਉਤੇ ਮਹਾਰਾਜਾ ਸਾਹਿਬ ਬਹੁਤ ਭਰੋਸਾ ਕਰਦੇ ਸਨ।ਦੀਵਾਨ ਮੋਹਕਮ ਚੰਦ ਨੇ ਸਰਦਾਰ ਜਰਨੈਲ ਹਰੀ ਸਿੰਘ ਨਲੂਏ ਦੇ ਨਾਲ ਮਿਲ ਕਈ ਜੰਗਾ ਲੜੀਆਂ ਸਨ।
ਦੀਵਾਨ ਸਾਹਿਬ ਦੀਆਂ ਜਿੱਤਾਂ ਦੇ ਸਿਲਸਿਲੇ ਦੀ ਸ਼ੁਰੂਆਤ ਮੁਕਤਸਰ ਦੀ ਜੰਗ ਤੋਂ ਹੁੰਦੀ ਹੈ, ਫੇਰ ਕੋਟਕਪੂਰਾ ਅਤੇ ਧਰਮਕੋਟ ਦੀਆਂ ਜੰਗਾਂ ਹਨ ਅਤੇ ਫੇਰ ਫ਼ਰੀਦਕੋਟ ਦੀ ਜੰਗ ਦਾ ਜ਼ਿਕਰ ਹੈ ਜਿੱਥੇ ਬਿਨਾ ਜੰਗ ਕੀਤੇ ਆਪ ਵੀਹ ਹਜ਼ਾਰ ਰੁਪਏ ਨਜ਼ਰਨਾ ਲੈ ਕੇ ਅਤੇ ਮਾਲਵੇ ਦਾ ਦੌਰਾ ਪੂਰਾ ਕਰਕੇ ਲਾਹੌਰ ਪਰਤ ਆਏ।
ਸਾਲ 1806 ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪਟਿਆਲੇ ਵੱਲ ਨੂੰ ਕੂਚ ਕੀਤਾ ਤਾਂ ਦੀਵਾਨ ਮੋਹਕਮ ਚੰਦ ਉਨ੍ਹਾਂ ਦੇ ਨਾਲ ਸਨ ਇੰਜ ਮਹਾਰਾਜਾ ਸਾਹਿਬ ਨੇ ਸਤਲੁਜ ਪਾਰ ਕਰਕੇ ਲੁਧਿਆਣਾ, ਜੰਡਿਆਲਾ, ਬੱਦੋਵਾਲ, ਜਗਰਾਵਾਂ, ਕੋਟ ਤਲਵੰਡੀ ਅਤੇ ਸਾਹਨੇਵਾਲ ਨੂੰ ਖਾਲਸਾ ਰਾਜ ਵਿੱਚ ਸ਼ਾਮਲ ਕਰ ਲਿਆ।
1807 ਸਾਲ ਦੇ ਦੌਰਾਨ ਜਲੰਧਰ ਦੋਆਬ ਦਾ ਪ੍ਰਸਿੱਧ ਉਪਜਾਊ ਇਲਾਕਾ ਖਾਲਸਾ ਰਾਜ ਵਿੱਚ ਸ਼ਾਮਲ ਕਰਣ ਤੋਂ ਬਾਅਦ ਮਹਾਰਾਜਾ ਸਾਹਿਬ ਨੇ ਖੁਸ਼ ਹੋ ਕੇ ਡੇਢ ਲੱਖ ਸਾਲਾਨਾ ਦੀ ਜਗੀਰ ਦੀਵਾਨ ਸਾਹਿਬ ਨੂੰ ਏਵਜ ਵਜੋਂ ਦਿੱਤੀ ਸੀ।
1809 ਦੀ ਅੰਗ੍ਰੇਜ਼ਾਂ ਨਾਲ਼ ਸੰਧੀ ਤੋਂ ਬਾਅਦ, ਸਤਲੁਜ ਦੇ ਕਿਨਾਰਿਆਂ ਨੂੰ ਪੱਕਾ ਕਰਨ ਦਾ ਕੰਮ ਵੀ ਮਹਾਰਾਜਾ ਸਾਹਿਬ ਵਲੋਂ ਦੀਵਾਨ ਸਾਹਿਬ ਨੂੰ ਸੌਪਿਆ ਗਿਆ।
13 ਜੁਲਾਈ 1813 ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਾ ਕਿਲ੍ਹਾ ਫ਼ਤਿਹ ਕੀਤਾ ਤਾਂ ਉਸ ਵਕਤ ਵੀ ਦੀਵਾਨ ਮੋਹਕਮ ਚੰਦ ਨੇ ਸਰਦਾਰ ਹਰੀ ਸਿੰਘ ਦੇ ਨਾਲ ਮਿਲ ਕੇ ਇਸ ਜੰਗ ਨੂੰ ਵੀ ਫਤਹਿ ਕੀਤਾ।
ਅਟਕ ਦੀ ਜੰਗ ਜਿਸ ਨੂੰ ਚੁਚ ਦੀ ਲੜਾਈ ਜਾਂ ਹੈਦਰੂ ਦੀ ਲੜਾਈ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਹ ਲੜਾਈ, ਸਿੱਖ ਸਾਮਰਾਜ ਦੀਆਂ ਫੌਜਾਂ ਅਤੇ ਦੁਰਾਨੀ ਸਾਮਰਾਜ ਵਿਚਕਾਰ ਹੋਈ ਸੀ, ਇਹ ਲੜਾਈ ਦੁਰਾਨੀਆਂ ਉੱਤੇ ਸਿੱਖਾਂ ਦੀ ਪਹਿਲੀ ਮਹੱਤਵਪੂਰਣ ਜਿੱਤ ਦਾ ਪ੍ਰਤੀਕ ਹੈ।
ਅਟਕ ਇਕ ਵੱਡਾ ਦਰਿਆ ਹੈ ਜੋ ਪਾਕਿਸਤਾਨ ਦੇ ਵਿਚਾਲੇ ਪੱਛਮੀ ਪੰਜਾਬ ਨੂੰ ਸਰਹੱਦੀ ਸੂਬੇ ਨਾਲੋਂ ਨਿਖੇੜਦਾ ਹੈ। ਇਸ ਦਾ ਉਪਰਲਾ ਹਿੱਸਾ ‘ ਅਟਕ’ ਅਤੇ ਹੇਠਲਾ ਹਿੱਸਾ ‘ ਸਿੰਧ’ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ।ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਵਕਤ ਪੰਜ - ਆਬ ਭਾਵ ਪੰਜਾਬ ਜਿਨ੍ਹਾਂ ਦਰਿਆਵਾਂ ਦੇ ਨਾਲ ਜਾਣਿਆ ਜਾਂਦਾ ਹੈ,ਇਹ ਪੰਜੇ ਦਰਿਆ— ਜੇਹਲਮ , ਚਨਾਬ , ਰਾਵੀ , ਬਿਆਸ ਅਤੇ ਸਤਲੁਜ, ਇਕੱਠੇ ਹੋ ਕੇ ਆਖਰ ਮਿਠਨਕੋਟ ਦੇ ਲਾਗੇ ਇਸੇ ਵੱਡੇ ਦਰਿਆ ਵਿੱਚ ਆਣ ਰਲਦੇ ਸਨ ।
ਇਹ ਦਰਿਆ ਤਿੱਬਤ ਤੋਂ ਨਿਕਲ ਕੇ ਕਸ਼ਮੀਰ ਦੀਆਂ ਹਸੀਨ ਪਹਾੜੀਆਂ ਵਿਚ ਉੱਤਰ-ਪੱਛਮ ਵੱਲ ਦੀ ਦਿਸ਼ਾ ਵਲ ਵਗਦਿਆਂ ਹੋਇਆਂ ਇਕ ਬਹੁਤ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਸੀ। ਹਾਰਾਮੋਸ਼ ਦੀ ਡੂੰਘੀ ਵਾਦੀ ਨੂੰ ਪਾਰ ਕਰਨ ਤੋਂ ਬਾਅਦ ਦੱਖਣ-ਪੱਛਮ ਵੱਲ ਦੀ ਦਿਸ਼ਾ ਵਲ ਮੁੜਦਿਆਂ ਹੋਇਆਂ ਇਹ ਗਿਲਗਿਤ ਨਦੀ ਨੂੰ ਨਾਲ ਮਿਲਾ ਕੇ 'ਚਿਲਾਸ" ਤੋਂ ਪਾਕਿਸਤਾਨ ਦੇ ਪਹਾੜੀ ਖੇਤਰ ਵਿਚ ਜਦੋਂ ਦਾਖ਼ਲ ਹੁੰਦਾ ਸੀ ਤਾਂ ਇਕ ਰਮਣੀਕ ਨਜ਼ਾਰਾ ਪੇਸ਼ ਕਰਦਾ ਸੀ। ਫਿਰ "ਹਜ਼ਾਰਾ" ਜ਼ਿਲ੍ਹੇ ਵਿਚੋਂ ਲੰਘੰਦਿਆਂ ਹੋਇਆਂ "ਅਟਕ" ਕਿਲ੍ਹੇ ਦੇ ਲਾਗੇ "ਦਰਿਆ ਏ ਕਾਬਲ" ਦੇ ਨਾਲ ਮਿਲਦਿਆਂ ਹੋਇਆਂ ਮੈਦਾਨੀ ਇਲਾਕੇ ਵਿਚ ਦਾਖਲ ਹੁੰਦਾ ਸੀ ਅਤੇ "ਕਾਲਾਬਾਗ਼" ਦੀਆਂ ਪਹਾੜੀਆਂ ਨਾਲ ਖਹਿੰਦਾ ਹੋਇਆ ਜ਼ਮੀਨੀ-ਖੇਤਰ ਵਿਚ ਦਾਖ਼ਲ ਹੁੰਦਾ ਸੀ।ਫੇਰ ਡੇਰਾ ਇਸਮਾਇਲ ਖ਼ਾਨ ਦੇ ਜ਼ਿਲ੍ਹੇ ਦੇ ਨਾਲ ਨਾਲ ਵਗਦਿਆਂ ਹੋਇਆਂ ਸਿੰਧ ਪ੍ਰਾਂਤ ਵਿਚ ਪਹੁੰਚ ਜਾਂਦਾ ਸੀ ।
ਇਕ ਧਾਰਣਾ ਦੇ ਮੁਤਾਬਿਕ ‘ ਅਟਕ’ ਮੱਧ ਏਸ਼ੀਆ ਤੋਂ ਆਉਣ ਵਾਲੇ ਹਮਲਾਵਰਾਂ ਦੇ ਰਾਹ ਵਿਚ ਇਹ ਵਡੀ ਰੁਕਾਵਟ ਦਾ ਕਾਰਣ ਬਣਨ ਕਰਕੇ ਇਸ ਨੂੰ ‘ ਅਟਕ’ ਕਿਹਾ ਜਾਣ ਲਗਿਆ । ਇਕ ਹੋਰ ਧਾਰਣਾ ਦੇ ਅਨੁਸਾਰ "ਟਕ" ਜਾਤੀ ਦੇ ਵਧੇਰੇ ਕਰ ਕੇ ਕਬੀਲੇ ਇਸ ਨਦੀ ਦੇ ਨੇੜੇ ਆਂਣ ਵਸੇ ਸਨ ਅਤੇ ਬਾਹਰਲੇ ਹਮਲਾਵਰਾਂ ਦੇ ਗ਼ਲਤ ਉੱਚਾਰਣ ਕਾਰਣ ਇਹ ਟਕ ਤੋ ‘ ਅਟਕ’ ਹੋ ਗਿਅਾ । ਤੀਜੀ ਧਾਰਣਾ ਇਹ ਭੀ ਹੈ ਕਿ "ਦਰਿਆ ਏ ਕਾਬਲ " ਜਿਸ ਨੂੰ ਲੁੰਡਾ ਦਰਿਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ,ਦੇ ਪਾਣੀ ਦੇ ਪ੍ਰਵਾਹ ਨੂੰ ਇਥੇ ਤਕ ਪਹੁੰਚ ਕੇ ਰੋਕ ਲਗ ਜਾਂਦੀ ਸੀ, ਜਿਸ ਰੋਕ ਨੂੰ ਉਦੋਂ ਦੀ ਪ੍ਰਚਲਤ ਭਾਸ਼ਾ ਵਿੱਚ ਅਟਕ ਕਿਹਾ ਜਾਂਦਾ ਸੀ। ਇਸ ਕਰਕੇ ਵੀ ਇਸ ਦਾ ਨਾਂ "ਅਟਕ" ਪ੍ਰਚਲਿਤ ਹੋ ਗਿਆ ।
ਸੰਨ 1581 ਵਿੱਚ ਬਾਦਸ਼ਾਹ ਅਕਬਰ ਨੇ ਇਸ "ਅਟਕ" ਦਰਿਆ ਦੇ ਕਿਨਾਰੇ ਇੱਕ ਸਰਹੱਦੀ ਚੌਕੀ ਬਣਾਈ ਸੀ, ਜਿਸ ਨੇ ਵਕਤ ਦੇ ਚਲਦਿਆਂ ਇਕ ਕਿਲ੍ਹੇ ਦਾ ਰੂਪ ਧਾਰ ਲਿਆ। ਇਤਿਹਾਸ ਇਹ ਵੀ ਮੰਨਦਾ ਹੈ ਕੇ ਇਥੇ ਕਿਲ੍ਹਾ ਹੀ ਬਣਵਾਇਆ ਗਿਆ ਸੀ ਜਿਸ ਦਾ ਨਾਂ ‘ ਅਟਕ’ ਪ੍ਰਚਲਿਤ ਹੋ ਗਿਆ ।
13 ਜੁਲਾਈ 1813 ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇਸ ਕਿਲ੍ਹੇ ਨੂੰ ਫਤਿਹ ਕਰਣ ਤੋਂ ਬਾਅਦ ਇਸ ਨੂੰ ਹੋਰ ਵੀ ਮਜ਼ਬੂਤ ਕੀਤਾ ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜਦੋਂ ਅਟਕ ਦਰਿਆ ਤੋਂ ਉਰਲੇ ਪਾਸੇ ਘਿਰ ਚੁਕੀ ਸੀ ਕਿਉਂਕਿ ਉਸ ਪਾਰ ਸਿੱਖ ਫ਼ੌਜ ਪਹੁੰਚ ਨਾ ਸਕਣ, ਇਸ ਕਾਰਣ ਪਠਾਣਾ ਨੇ ਬੇੜੀਆਂ ਦੇ ਪੁਲ ਨੂੰ ਕਟ ਦਿੱਤਾ ਸੀ,ਜਿਸ ਕਾਰਣ ਸਿੱਖ ਫੋਜ ਦਰਿਆ ਅਟਕ ਤੋਂ ਪਾਰਲੇ ਪਾਸੇ ਘਿਰ ਚੁਕੀ ਸੀ ਅਤੇ ਦਰਿਆ ਅਟਕ ਉਸ ਵਕਤ ਆਪਣੇ ਉਫਾਨ' ਤੇ ਸੀ। ਫ਼ੌਜ ਨੂੰ ਫ਼ੌਰੀ ਮਦਦ ਦੀ ਲੋੜ ਸੀ ਅਤੇ ਇੰਜ ਫੋਜ ਨੂੰ ਮਦਦ ਪਹੁੰਚਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਦੇ ਨਾਲ ਅਰਦਾਸ ਕਰ ਕੇ ਖ਼ੁਦ ਅਪਣਾ ਘੋੜਾ ਅਟਕ ਦਰਿਆ ਵਿੱਚ ਉਤਾਰ ਦਿੱਤਾ ਅਤੇ ਘੋੜੇ ਉਤੇ ਸਵਾਰ ਹੋ ਕੇ ਅਟਕ ਦਰਿਆ ਪਾਰ ਕੀਤਾ ।
ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਦੀ ਬਗ਼ਾਵਤ ਸ਼ੁਰੂ ਹੋਈ ਤਾਂ ਉਸ ਨੇ ਲੱਖਾਂ ਦੀ ਗਿਣਤੀ ਵਿੱਚ ਫੌਜ ਇਕੱਠੀ ਕਰ ਕੇ ਸਿੱਖ ਰਾਜ ਦੇ ਖਿਲਾਫ ਜੰਗ ਦਾ ਬਿਗੁਲ ਵਜ੍ਹਾ ਦਿੱਤਾ। ਨੁਸ਼ਹਿਰੇ ਲੁੰਭੇ ਦਰਿਆ ਲਾਗੇ ਮੁਹੰਮਦ ਅਜ਼ੀਜ਼ ਖਾਂ ਨੇ ਤੋਪਾਂ ਬੀੜ ਦਿੱਤੀਆਂ ਅਤੇ ਭਾਰੀ ਤੋਪਖਾਨੇ ਦੇ ਨਾਲ ਸਿੱਖ ਫ਼ੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਦੇ ਨਾਲ ਅਰਦਾਸਾ ਸੋਧ ਕੇ "ਅਟਕ" ਦਰਿਆ ਪਾਰ ਕੀਤਾ ਅਤੇ ਨੁਸ਼ਹਿਰੇ ਵੱਲ ਦੁਸ਼ਮਣ ਦੀਆਂ ਫੌਜਾਂ' ਤੇ ਸਿੰਘਾਂ ਨੇ ਚੜ੍ਹਾਈ ਕਰ ਦਿੱਤੀ ਪਰ ਉਸ ਵਕਤ ਤਕ ਸਿੰਘਾਂ ਨੂੰ ਪਿੱਛੋਂ ਤੋਪਾਂ ਦੀ ਸਪਲਾਈ ਨਹੀਂ ਸੀ ਪੁੱਜੀ,ਜਿਸ ਕਾਰਣ ਤੋਪਾਂ ਦੀ ਉਡੀਕ ਵਿੱਚ ਜੰਗ ਦੀ ਮੁਹਿੰਮ ਨੂੰ ਕੁਝ ਸਮੇਂ ਲਈ ਟਾਲਣਾ ਹੀ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਸਾਹਿਬ ਨੇ ਫ਼ੌਜਾਂ ਨੂੰ ਉਥੇ ਹੀ ਰੁਕਣ ਦਾ ਹੁਕਮ ਦਿੱਤਾ। ਪਰ ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਸਾਹਿਬ ਨੂੰ ਪੂਰੀ ਦਿੜਤਾ ਦੇ ਨਾਲ ਖੜਕ ਕੇ ਕਿਹਾ ਕਿ ਅਰਦਾਸਾ ਸੋਧਿਆ ਜਾ ਚੁੱਕਾ ਹੈ, ਚੜ੍ਹਾਈ ਹੁਣੇ ਹੀ ਹੋਵੇਗੀ,ਗੁਰੂ ਕੇ ਸਿੱਖ ਦੀ ਜਿੱਤ ਕਿਸੇ ਤੋਪਾਂ ਦੀ ਮੁਹਤਾਜ ਨਹੀਂ ਅਸੀਂ ਗੁਰੂ ਭਰੋਸੇ ਨਿਸ਼ਚੈ ਕਰ ਆਪਣੀ ਜੀਤ ਕਰਣ ਵਾਲੀ ਕੌਮ ਹਾਂ। ਪਰ ਮਹਾਰਾਜਾ ਰਣਜੀਤ ਸਿੰਘ ਜਦੋਂ ਨਾ ਮੰਨੇ ਤਾਂ ਬਾਬਾ ਜੀ ਨੇ ਆਪਣੇ 1500 ਘੋੜਸਵਾਰਾਂ ਦੀ ਅਕਾਲ ਰੈਜੀਮੈਂਟ ਦੇ ਨਾਲ ਦਰਿਆ ਅਟਕ ਪਾਰ ਕਰ ਕੇ ਦੁਸ਼ਮਣ' ਤੇ ਹਮਲਾ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ,ਬਾਬਾ ਜੀ ਦੀ ਇਸ ਦ੍ਰਿੜ ਨਿਸ਼ਚਤਾ ਅਤੇ ਗੁਰੂ ਤੇ ਭਰੋਸੇ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਜਦੋਂ ਉਨ੍ਹਾਂ ਦੀ ਇਸ ਦਲੇਰੀ ਨੂੰ ਵੇਖਿਆ ਤਾਂ ਆਪ ਵੀ ਪਿੱਛੇ ਨਾ ਰਹਿ ਸਕੇ ਅਤੇ ਸ਼ਹਿਜ਼ਾਦਾ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਅਤੇ ਦੀਵਾਨ ਮੋਹਕਮ ਚੰਦ ਵਰਗੇ ਜਰਨੈਲਾਂ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ। ਅਕਾਲੀ ਬਾਬਾ ਜੀ ਆਪਣੇ ਅਰਦਾਸੇ ਅਨੁਸਾਰ ਨਿਸ਼ਚੈ ਕਰ ਆਪਣੀ 'ਨਿਸ਼ਚੈ ਕਰ ਜਿੱਤ' ਦੇ ਗੁਰੂ ਹੌਸਲੇ ਦੇ ਨਾਲ ਤੋਪਾਂ ਦੇ ਵਰਦੇ ਗੋਲਿਆਂ ਵਿੱਚ ਵੀ ਅੱਗੇ ਵਧਦੇ ਗਏ ਅਤੇ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ, ਹਜ਼ਾਰਾਂ ਪਠਾਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਮੁਹਿੰਮ ਵਿੱਚ ਦੀਵਾਨ ਮੋਹਕਮ ਚੰਦ ਦੇ ਨਾਲ਼ ਸਰਦਾਰ ਹਰੀ ਸਿੰਘ ਨਲੂਆ ਵੀ ਸਨ ਅਤੇ ਦੋਹਾਂ ਨੇ ਤੇਗ ਦੇ ਅਜਿਹੇ ਜੌਹਰ ਦਿਖਾਏ ਕੇ ਅਫ਼ਗ਼ਾਨ ਅੱਗੇ ਨੱਠ ਤੁਰੇ ਅਤੇ ਦਰਿਆ ਅਟਕ ਤੱਕ ਖਾਲਸਾ ਫੌਜਾਂ ਨੇ ਪਿੱਛਾ ਕੀਤਾ ਅਤੇ ਇਹ ਕਿਲ੍ਹਾ ਵੀ ਖਾਲਸੇ ਦੇ ਹੱਥ ਆ ਗਿਆ।
ਮਹਾਰਾਜਾ ਸਾਹਿਬ, ਦੀਵਾਨ ਮੋਹਕਮ ਚੰਦ' ਤੇ ਬਹੁਤ ਭਰੋਸਾ ਕਰਦੇ ਸਨ ਅਤੇ ਉਹ ਹੈ ਵੀ ਭਰੋਸੇ ਦੇ ਲਾਇਕ ਸਨ।ਗਲ ਕੁੰਵਰ ਖੜਕ ਸਿੰਘ ਦੇ ਅਨੰਦ ਕਾਰਜ ਵਾਲੇ ਦਿਨ ਦੀ ਹੈ। ਕਈ ਰਾਜਿਆਂ ਮਹਾਰਾਜਿਆਂ ਦੇ ਨਾਲੋ ਨਾਲ ਕੁਝ ਅੰਗ੍ਰੇਜ਼ ਸਖਸ਼ੀਅਤਾਂ ਨੂੰ ਵੀ ਲਾਹੌਰ ਆਣ ਦਾ ਸੱਦਾ ਦਿੱਤਾ ਗਿਆ ਸੀ। ਅੰਗ੍ਰੇਜ਼ਾਂ ਦੀ ਨੁਮਾਇੰਦਗੀ ਉਸ ਵੇਲੇ ਸਰ ਡੇਵਿਡ ਅਕਟਰ ਲੋਨੀ ਕਰ ਰਿਹਾ ਸੀ। ਉਸਨੇ ਲਾਹੌਰ ਦਾ ਕਿਲ੍ਹਾ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਦੀਵਾਨ ਸਾਹਿਬ ਉਸ ਦੀ ਮਕਾਰੀ ਨੂੰ ਜਾਣਦੇ ਸਨ। ਉਹ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਲ੍ਹੇ ਦੇ ਦਰਵਾਜ਼ੇ' ਤੇ ਪੁੱਜ ਗਏ ਅਤੇ ਕਿਲ੍ਹੇ ਦਾ ਦਰਵਾਜ਼ਾ ਬੰਦ ਕਰਣ ਦਾ ਹੁਕਮ ਦਿੱਤਾ, ਜਦੋਂ ਮਹਾਰਾਜਾ ਰਣਜੀਤ ਸਿੰਘ ਅਤੇ ਅਕਟਰ ਲੋਨੀ ਉਥੇ ਪੁੱਜੇ ਤਾਂ ਦੀਵਾਨ ਸਾਹਿਬ ਨੇ ਦਰਵਾਜ਼ਾ ਖੋਲਣ ਤੋਂ ੲਿਨਕਾਰ ਕਰ ਦਿੱਤਾ ਅਤੇ ਆਪਣੀ ਕਿਰਪਾਨ ਮਿਆਨ ਵਿਚੋਂ ਬਾਹਰ ਕੱਢ ਕੇ ਬੋਲੇ ਕਿ 'ਸਰਕਾਰ' ਭਾਵੇਂ ਮੇਰਾ ਸਿਰ ਲਾਹ ਦਿਓ ਪਰ ਮੈਂ ਇਸ ਫਿਰੰਗੀ ਦੇ ਨਾਪਾਕ ਪੈਰ, ਇਸ ਕਿਲ੍ਹੇ ਦੇ ਅੰਦਰ ਆਪਣੇ ਜਿਉਂਦਿਆਂ ਜੀਅ ਨਹੀਂ ਪੈਣ ਦੇਣੇ। ਜਿਕਰ ਕਰਦੇ ਚਲੀਏ ਕੇ ਉਸ ਵਕਤ ਸਾਰੇ ਦਰਬਾਰੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਰਕਾਰ ਕਹਿ ਕੇ ਬੁਲਾਉਂਦੇ ਸਨ।
ਮਹਾਰਾਜਾ ਸਾਹਿਬ ਵਕਤ ਨੂੰ ਭਾਂਪ ਗਏ ਅਤੇ ਹਸ ਕੇ ਕਹਿਣ ਲੱਗੇ ਕਿ ਮੈਂ ਖ਼ਾਲਸਾ ਰਾਜ ਦਾ ਇਕੱਲਾ ਮਾਲਕ ਨਹੀਂ ਹਾਂ ਇਹ ਸਾਰੇ ਮੇਰੇ ਭਾਈਵਾਲ ਹਨ ਅਤੇ ਮੈਂ ਇਹਨਾਂ ਦੀ ਮਰਜੀ ਬਿਨਾ ਕੁੱਝ ਨਹੀਂ ਕਰ ਸਕਦਾ।ਅਕਟਰ ਲੋਨੀ ਵੀ ਸਿਆਣਪ ਵਰਤਦਿਆਂ ਹੋਇਆਂ ਚੁੱਪ ਚਾਪ ਪਿੱਛੇ ਪਰਤ ਗਿਆ।
16 ਅਕਤੂਬਰ 1814 ਵਾਲੇ ਦਿਨ ਦੀਵਾਨ ਮੋਹਕਮ ਚੰਦ ਫਿਲੌਰ ਗਏ ਹੋਏ ਸਨ ਉਥੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)