![ਦਰਬਾਰ ਸਾਹਿਬ ਵਿਖੇ ਬਸੰਤ ਰਾਗ ਦੀ ਆਰੰਭਤਾ!ਪੁਰਾਤਨ ਕਾਲ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਖੇ ਧੰਨ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰ...](https://img5.travelagents10.com/418/018/914807134180189.jpg)
13/01/2025
ਦਰਬਾਰ ਸਾਹਿਬ ਵਿਖੇ ਬਸੰਤ ਰਾਗ ਦੀ ਆਰੰਭਤਾ!
ਪੁਰਾਤਨ ਕਾਲ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਖੇ ਧੰਨ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਪੋਹ ਦੇ ਮਹੀਨੇ ਦੀ ਅਖੀਰਲੀ ਰਾਤ ਨੂੰ ਪੌਣੇ 9 ਵਜੇ ਕੀਰਤਨੀਏ ਸਿੰਘਾਂ ਵੱਲੋਂ ੬ ਪਉੜੀਆਂ ਆਨੰਦ ਸਹਿਬ ਜੀ ਦਾ ਕੀਰਤਨ ਕਰਕੇ ਅਰਦਾਸੀਏ ਸਿੰਘ ਜੀ ਵੱਲੋਂ ਬਸੰਤ ਰਾਗ ਦੀ ਆਰੰਭਤਾ ਦੀ ਅਰਦਾਸ ਕੀਤੀ ਜਾਂਦੀ ਹੈ।ਅਰਦਾਸ ਤੋਂ ਬਾਅਦ ਕੀਰਤਨੀਏ ਸਿੰਘ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਆਗਿਆ ਲੈਕੇ ਰਾਗ ਬਸੰਤ ਵਿੱਚ " ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ " ਸ਼ਬਦ ਦਾ ਗਾਇਨ ਕਰਦੇ ਹਨ।ਜੋ ਕਿ ਗੁਰੂ ਨਾਨਕ ਦੇਵ ਮਾਹਰਾਜ ਜੀ ਦੁਆਰਾ ਬਸੰਤ ਰਾਗ ਵਿੱਚ ਉਚਾਰਨ ਕੀਤਾ ਪਹਿਲਾ ਸ਼ਬਦ ਹੈ।ਮਾਘ ਦੀ ਸੰਗਰਾਂਦ ਤੋਂ ਹੋਲੇ ਮੁਹੱਲੇ ਤੱਕ ਹਰ ਚੌਂਕੀ ਵਿੱਚ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ।
ਬਸੰਤ ਰਾਗ ਦੀ ਮਰਿਆਦਾ: ਕੀਰਤਨ ਚੌਂਕੀ ਦੀ ਆਰੰਭਤਾ ਬਸੰਤ ਰਾਗ ਦੀ ਸ਼ਾਨ ਵਜਾ ਕੇ , ਬਸੰਤ ਰਾਗ ਵਿੱਚ ਹੀ ਡੰਡੌਤ ਕਰਕੇ ਗੁਰੂ ਸਾਹਿਬ ਜੀ ਕੋਲੋ ਆਗਿਆ ਲੈਕੇ ਬਸੰਤ ਰਾਗ ਵਿੱਚੋ ਵੱਖਰੇ-ਵੱਖਰੇ ਸ਼ਬਦਾਂ ਨੂੰ ਗਾਇਨ ਕਰਕੇ ਕੀਤੀ ਜਾਂਦੀ ਹੈ।ਨਾਲ ਹੀ"ਬਸੰਤ ਕੀ ਵਾਰ" ਦੀਆਂ ੩ ਪਉੜੀਆਂ ਦਾ ਗਾਇਣ ਕੀਤਾ ਜਾਂਦਾ ਹੈ। ਫਿਰ ਬਸੰਤ ਕੀ ਵਾਰ ਦੀ ਅਖੀਰਲੀ ਪਉੜੀ ਲਗਾ ਕੇ ਕੀਰਤਨ ਚੌਂਕੀ ਦੀ ਸਮਾਪਤੀ ਕੀਤੀ ਜਾਂਦੀ ਹੈ।
ਪੁਰਾਤਨ ਕੀਰਤਨੀਏ, ਕੀਰਤਨ ਚੌਂਕੀ ਵਿਚ ਬਸੰਤ ਰਾਗ ਦੇ ਸਾਰੇ ਪ੍ਰਕਾਰ, ਗੁਰਬਾਣੀ ਵਿੱਚੋਂ ਨਵੇਂ-ਨਵੇਂ ਸ਼ਬਦਾਂ ਦੀ ਖੋਜ ਕਰਕੇ ਗਾਇਨ ਕਰਦੇ ਸਨ, ਜਿਵੇਂ ਸ਼ੁੱਧ ਬਸੰਤ,ਬਸੰਤ ਹਿੰਡੋਲ,ਬਸੰਤ (ਪੂਰਬੀ ਥਾਟ) ਆਦਿ।
ਹੋਲੇ ਮੁਹੱਲੇ ਦੇ ਦਿਹਾੜੇ ਤੇ ਸ੍ਰੀ ਆਸਾ ਜੀ ਦੀ ਵਾਰ ਦੀ ਚੌਂਕੀ ਦੀ ਸਮਾਪਤੀ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਖੇ ਬਸੰਤ ਰਾਗ ਦੀ ਸਮਾਪਤੀ ਦੀ ਅਰਦਾਸ ਕੀਤੀ ਜਾਂਦੀ ਹੈ। ਸਮੂਹ ਸਾਧ ਸੰਗਤਿ ਜੀ ਨੂੰ ਬਸੰਤ ਰਾਗ ਦੀ ਆਰੰਭਤਾ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ।
ਭਾਈ ਸ੍ਰੀਪਾਲ ਸਿੰਘ
(ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ)